‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ

Dr Grewal.JPG

Dr. Devinder Grewal, honoured with the prestigious 'Australian Citizen of the Year' in Port Augusta, South Australia. Credit: Supplied by Dr Grewal

ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਦੇ ਨਾਲ ਹੀ ਉਹ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਡਾ. ਗਰੇਵਾਲ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਦੀ ਸੀਨੀਅਰ ਕੈਟੇਗਰੀ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।


Key Points
  • 82-ਸਾਲਾ ਦਵਿੰਦਰ ਗਰੇਵਾਲ 1972 ਵਿੱਚ ਇੱਕ ਡਾਕਟਰ ਵਜੋਂ ਪੋਰਟ ਔਗਸਟਾ ਇਲਾਕੇ ਵਿੱਚ ਸਥਾਪਿਤ ਹੋਏ ਸਨ।
  • ਉਨ੍ਹਾਂ ਨੂੰ ਇਸ ਇਲਾਕੇ ਵਿੱਚ ਇੱਕ ਸਿਹਤ ਮਾਹਿਰ (ਜੀ ਪੀ) ਅਤੇ ਹੋਟਲ ਸਨਅਤ ਦੇ ਇੱਕ ਵੱਡੇ ਨੌਕਰੀ ਪ੍ਰਦਾਤਾ ਵਜੋਂ ਮਾਣ ਮਿਲਿਆ ਹੈ।
  • ਐਬੋਰੀਜਨਲ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ ਉਨ੍ਹਾਂ ਨੂੰ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਈਅਰ' ਸਨਮਾਨ ਮਿਲਿਆ।
  • ਡਾ: ਗਰੇਵਾਲ ਨੇ 'ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਯੀਅਰ' ਸਨਮਾਨ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।
ਪੋਰਟ ਔਗਸਟਾ ਦੇ ਵਸਨੀਕ 82-ਸਾਲਾ ਦਵਿੰਦਰ ਗਰੇਵਾਲ ਇੱਕ ਡਾਕਟਰਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਦਾ ਜਨਮ 1942 ਵਿੱਚ ਓਕਾੜਾ, ਭਾਰਤ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਗਰੇਵਾਲਾਂ ਦੇ ਘੁੱਗ-ਵਸਦੇ ਪਿੰਡ ਗੁੱਜਰਵਾਲ, ਜਿਲ੍ਹਾ ਲੁਧਿਆਣਾ ਵਿੱਚ ਡਾਕਟਰੀ ਸੇਵਾਵਾਂ ਦਿੰਦੇ ਸਨ।

ਮਿਹਨਤ ਰੰਗ ਲਿਆਈ - ਨੌਕਰੀ ਕਰਨ ਤੋਂ ਨੌਕਰੀ ਦੇਣ ਤੱਕ ਦਾ ਸਫ਼ਰ

1970 ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੇ ਆਪਣੇ ਪਰਿਵਾਰ ਦੇ ਡਾਕਟਰੀ ਕਿੱਤੇ ਨੂੰ ਅੱਗੇ ਤੋਰਿਆ ਹੈ।

ਉਨ੍ਹਾਂ ਨੂੰ ਪਿਛਲੇ 50-ਸਾਲ ਦੌਰਾਨ ਦੱਖਣੀ ਆਸਟ੍ਰੇਲੀਆ ਵਿੱਚ ਇੱਕ ਸਿਹਤ ਮਾਹਿਰ (ਜੀ ਪੀ) ਅਤੇ ਹੋਟਲ ਸਨਅਤ ਦੇ ਇੱਕ ਵੱਡੇ ਨੌਕਰੀ ਪ੍ਰਦਾਤਾ ਵਜੋਂ ਮਾਣ ਮਿਲਿਆ ਹੈ।
"ਅਸੀਂ ਡਾਕਟਰੀ ਸਰਜਰੀ ਅਤੇ ਹੋਟਲ ਨੂੰ ਮਿਲਾ ਕੇ ਤਕਰੀਬਨ 70-80 ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ। "

"ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਤੇ ਰੱਬ ਦਾ ਸ਼ੁਕਰ ਹੈ ਕਿ ਮੈਂ ਆਸਟ੍ਰੇਲੀਆ ਦੇ ਦਿੱਤੇ ਪਿਆਰ-ਸਤਿਕਾਰ ਨੂੰ ਕਿਸੇ ਢੰਗ ਨਾਲ ਵਾਪਿਸ ਮੋੜਨ ਦੇ ਕਾਬਿਲ ਬਣਿਆ ਹਾਂ," ਉਨ੍ਹਾਂ ਕਿਹਾ।
standpipe.jpg
ਗਰੇਵਾਲ ਪਰਿਵਾਰ ਵੱਲੋਂ ਚਲਾਏ ਜਾਂਦੇ ਸਟੈਂਡਪਾਈਪ ਹੋਟਲ, ਪੋਰਟ ਔਗਸਟਾ ਦੀ ਤਸਵੀਰ Credit: Matthew Burns/Supplied by Dr Grewal
ਗਰੇਵਾਲ ਪਰਿਵਾਰ ਵੱਲੋਂ ਚਲਾਏ ਜਾਂਦੇ ਸਟੈਂਡਪਾਈਪ ਹੋਟਲ, ਪੋਰਟ ਔਗਸਟਾ ਦੀ ਕੰਧ 'ਤੇ ਲਿਖੀ ਇੱਕ ਇਬਾਰਤ ਉਨ੍ਹਾਂ ਦੀ ਜ਼ਿੰਦਗੀ ਦੇ ਫ਼ਲਸਫ਼ੇ ਦੀ ਦੱਸ ਪਾਉਂਦੀ ਹੈ - "ਇੱਥੇ ਕੋਈ ਅਜਨਬੀ ਨਹੀਂ ਹੈ, ਸਿਰਫ ਉਹ ਦੋਸਤ ਹਨ ਜਿਨ੍ਹਾਂ ਨੂੰ ਅਸੀਂ ਅਜੇ ਮਿਲੇ ਨਹੀਂ ਹਾਂ।"

"ਇਹਨਾਂ ਦੋਨੋਂ ਪੇਸ਼ਿਆਂ ਦਾ ਕੋਈ ਸੁਮੇਲ ਤਾਂ ਨਹੀਂ ਪਰ ਮੈਂ ਮਹਿਸੂਸ ਕਰਦਾਂ ਕਿ ਦੋਨਾਂ ਵਿੱਚ ਸੇਵਾ ਭਾਵ ਦਾ ਹੋਣਾ ਲਾਜ਼ਮੀ ਹੈ," ਉਨ੍ਹਾਂ ਕਿਹਾ।
"ਜ਼ਿੰਦਗੀ ਚਲਦੇ ਰਹਿਣ ਦਾ ਨਾਂ ਹੈ। ਮੈਂ ਇਸ ਉਮਰੇ ਵੀ ਜਿੰਨਾ ਕੰਮ ਹੋ ਸਕੇ ਕਰਦਾ ਰਹਿੰਦਾ ਹਾਂ।

"ਮੈਂ ਹੁਣ ਚਾਰ ਡਾਕਟਰਾਂ ਦੀ ਸਰਜਰੀ ਨੂੰ ਚਲਾਉਂਦਾ ਹਾਂ ਅਤੇ ਮਹਿਸੂਸ ਕਰਦਾਂ ਕਿ ਕਈ ਥਾਂਵਾਂ 'ਤੇ ਤੁਹਾਡੇ ਨਾਲੋਂ ਤੁਹਾਡੀ ਸਲਾਹ ਤੇ ਮਸ਼ਵਰੇ ਦੀ ਜ਼ਿਆਦਾ ਲੋੜ ਹੁੰਦੀ ਹੈ," ਉਨ੍ਹਾਂ ਕਿਹਾ।
Dr Ghautra.jpg
ਡਾ: ਦਵਿੰਦਰ ਗਰੇਵਾਲ ਅਤੇ ਉਨ੍ਹਾਂ ਦੇ ਮਿੱਤਰ ਡਾ: ਗੁਰਪ੍ਰੀਤ ਸਿੰਘ ਘਟੌਰਾ।
'ਪੱਗ ਵਾਲੇ ਡਾਕਟਰ' ਦੀ ਪੇਂਡੂ ਆਸਟ੍ਰੇਲੀਆ ਨਾਲ ਮੁੱਢਲੀ ਸਾਂਝ

ਪੋਰਟ ਔਗਸਟਾ ਇਲਾਕੇ ਵਿੱਚ ਪੱਗ ਵਾਲੇ ਡਾਕਟਰ ਵਜੋਂ ਜਾਣੇ ਜਾਂਦੇ ਦਵਿੰਦਰ ਗਰੇਵਾਲ ਨੇ ਦੱਸਿਆ ਕਿ ਉਹ 1972 ਵਿੱਚ ਐਡੀਲੇਡ ਆਏ ਸਨ।

"ਆਪਣੀ ਪੱਗ ਕਾਰਣ ਮੈਨੂੰ ਆਸਟ੍ਰੇਲੀਆ ਕੋਈ ਸਮੱਸਿਆ ਨਹੀਂ ਆਈ ਸਗੋਂ ਇਥੇ ਬਹੁਤ ਸਤਿਕਾਰ ਮਿਲਿਆ।

"ਮੈਨਚੇਸਟਰ, ਯੂ ਕੇ ਵਿੱਚ ਮਾਈਕ੍ਰੋਬੀਓਲੋਜੀ ਦੀ ਪੜ੍ਹਾਈ ਕਰਨ ਪਿੱਛੋਂ ਜਦ ਮੇਰੀ ਆਸਟ੍ਰੇਲੀਆ ਲਈ ਇੰਟਰਵਿਊ ਹੋਈ ਤਾਂ ਮੈਂ ਉਨ੍ਹਾਂ ਨੂੰ ਇਹੀ ਦੱਸਿਆ ਸੀ ਕਿ ਮੈਂ ਆਪਣੀ ਪੱਗ ਵਾਲੀ ਪਹਿਚਾਣ ਨੂੰ ਜਿਓਂ ਦੀ ਤਿਉਂ ਰੱਖਣਾ ਚਾਹੁੰਦਾ ਹਾਂ," ਉਨ੍ਹਾਂ ਕਿਹਾ।
ਉਨ੍ਹਾਂ ਮੈਨੂੰ ਦੱਸਿਆ ਕਿ ਸਿੱਖਾਂ ਨੂੰ ਆਪਣੇ ਵਿਸ਼ਵ ਯੁੱਧ ਦੌਰਾਨ ਪਾਏ ਯੋਗਦਾਨ ਲਈ ਸਭ ਜਾਣਦੇ ਹਨ, ਇਸ ਲਈ ਆਸਟ੍ਰੇਲੀਆ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ - ਇਹ ਜਾਣਕੇ ਮੇਰਾ ਹੌਂਸਲਾ ਵਧਿਆ ਸੀ ਅਤੇ ਮੈਂ ਚਾਈਂ-ਚਾਈਂ ਆਸਟ੍ਰੇਲੀਆ ਆਇਆ ਸੀ।
ਡਾ: ਦਵਿੰਦਰ ਗਰੇਵਾਲ, ਪੋਰਟ ਔਗਸਟਾ
ਜ਼ਿਕਰਯੋਗ ਹੈ ਕਿ ਡਾਕਟਰ ਗਰੇਵਾਲ ਨੇ ਭਾਰਤ, ਸਿੰਗਾਪੁਰ ਅਤੇ ਯੂ ਕੇ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ ਸੀ।

ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਮਲੇਸ਼ੀਆ ਦਾ ਵੀ ਰਿਹਾ ਹੈ ਅਤੇ ਉਹ ਆਪਣੇ ਭਰਾ ਮਹਾਂਵੀਰ ਗਰੇਵਾਲ (ਅੱਜਕੱਲ ਆਸਟ੍ਰੇਲੀਆ ਦੇ ਵਸਨੀਕ) ਦੀ ਪ੍ਰੇਰਣਾ ਸਦਕੇ ਆਸਟ੍ਰੇਲੀਆ ਆਏ ਸਨ।

ਸਥਾਨਕ ਆਸਟ੍ਰੇਲੀਅਨ ਲੋਕਾਂ ਤੋਂ ਮਿਲਿਆ ਖੂਬ ਪਿਆਰ-ਸਤਿਕਾਰ

“ਮੈਂ ਪੋਰਟ ਔਗਸਟਾ ਦੇ ਕਿਓਰਨ ਪੇਂਡੂ ਖੇਤਰ ਵਿੱਚ 1972 ਵਿੱਚ ਇੱਕ ਡਾਕਟਰ ਵਜੋਂ ਆ ਕੇ ਵਸਿਆ ਸੀ ਅਤੇ ਇਹਨਾਂ ਲੋਕਾਂ ਦੇ ਦਿੱਤੇ ਪਿਆਰ-ਸਤਿਕਾਰ ਸਦਕਾ ਸਦਾ ਲਈ ਇਹਨਾਂ ਦਾ ਹੀ ਹੋਕੇ ਰਹਿ ਗਿਆ।

“ਜਦ ਆਏ ਸੀ ਤਾਂ ਲੋਕਾਂ ਨੇ ਰਹਿਣ ਵਿੱਚ, ਸਥਾਪਿਤ ਹੋਣ ਵਿੱਚ, ਕੋਈ ਔਖਿਆਈ ਨਾ ਆਉਣ ਦਿੱਤੀ," ਉਨ੍ਹਾਂ ਕਿਹਾ।

"ਸਾਰੇ ਬਹੁਤ ਖਿਆਲ ਰੱਖਦੇ ਸਨ ਅਤੇ ਕਦੇ ਕਿਸੇ ਚੀਜ਼ ਦੀ ਤੋਟ ਨਾ ਆਈ - ਉਹ ਪਿਛਲੇ ਵਾੜੇ ਵਿੱਚ ਦੁੱਧ, ਦਾਣੇ, ਸਬਜ਼ੀਆਂ, ਆਂਡੇ ਆਦਿ ਵੀ ਰੱਖ ਜਾਂਦੇ ਸਨ।“
NAIDOC.JPG
ਡਾ: ਗਰੇਵਾਲ ਨੂੰ ਐਬੋਰੀਜਨਲ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਈਅਰ' ਸਨਮਾਨ ਵੀ ਮਿਲਿਆ। Credit: Supplied
ਫਰਸਟ ਨੇਸ਼ਨਜ਼ ਲੋਕਾਂ ਨਾਲ ਖ਼ਾਸ ਸਾਂਝ-ਭਿਆਲੀ

ਡਾ: ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਐਬੋਰੀਜਨਲ ਲੋਕਾਂ ਨਾਲ ਖਾਸ ਲਗਾਉ ਰਿਹਾ ਅਤੇ ਉਨ੍ਹਾਂ ਨੂੰ ਇਸ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਯੀਅਰ' ਸਨਮਾਨ ਵੀ ਮਿਲਿਆ।

“ਮੈਂ ਤਮਾਮ ਉਮਰ ਇਹਨਾਂ ਲੋਕਾਂ ਦੀ ਡਾਕਟਰੀ ਦੇਖਭਾਲ ਕਰਦਿਆਂ ਉਨ੍ਹਾਂ ਦੇ ਦਿੱਤੇ ਇਸ ਪਿਆਰ ਦਾ ਮੁੱਲ ਮੋੜਨ ਦਾ ਯਤਨ ਕਰਦਾ ਰਿਹਾ ਹਾਂ।

"ਕੁੱਲ -ਮਿਲਾ ਕੇ ਮੈਨੂੰ ਆਸਟ੍ਰੇਲੀਆ ਦੀ ਜ਼ਿੰਦਗੀ ਬਹੁਤ ਰਾਸ ਆਈ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਆਸਟ੍ਰੇਲੀਆ ਨੇ, ਇਥੋਂ ਦੇ ਲੋਕਾਂ ਨੇ ਸਭ ਕੁਝ ਦਿੱਤਾ ਹੈ ਜਿਸਦਾ ਮੈਂ ਵਾਰ-ਵਾਰ ਸ਼ੁਕਰ ਕਰਦਾ ਹਾਂ।"
Australian Book.JPG
ਡਾ: ਗਰੇਵਾਲ ਨੂੰ 2001 ਵਿੱਚ ਕਾਮਨਵੈਲਥ ਦੇ 100 ਸਾਲ ਪੂਰੇ ਹੋਣ 'ਤੇ ਛਪੀ 'ਔਸਟ੍ਰੇਲਿਅਨਜ਼' ਕਿਤਾਬ ਦੇ 100 ਚੋਣਵੇਂ ਲੋਕਾਂ ਵਿੱਚ ਵੀ ਸ਼ੁਮਾਰ ਕੀਤਾ ਗਿਆ ਸੀ। Credit: Supplied by Dr Grewal
ਜ਼ਿਕਰਯੋਗ ਹੈ ਕਿ ਡਾ: ਗਰੇਵਾਲ ਨੂੰ ਸਨ 2000 ਵਿੱਚ 'ਔਸਟ੍ਰੇਲਿਅਨਜ਼' ਕਿਤਾਬ ਤਹਿਤ ਆਸਟ੍ਰੇਲੀਆ ਦੇ 100 ਚੋਣਵੇਂ ਲੋਕਾਂ ਵਜੋਂ ਵੀ ਮਾਣ ਮਿਲਿਆ ਸੀ।

ਉਹਨਾਂ ਨੂੰ ਪੋਰਟ ਔਗਸਟਾ ਕੌਂਸਲ ਵੱਲੋਂ ਸਾਲ 2024 ਵਿੱਚ 'ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਯੀਅਰ' ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ।
ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand